ਮਾਂ ਦੀ ਕੁੱਖ ਦੇ ਦਰਦ ਨਾਲ, ਇਨਸਾਨ ਧਰਤੀ ’ਤੇ ਆਉਂਦਾ,
ਮਾਂ ਦੇ ਦੁੱਧ ਨੂੰ ਤਰਲੇ ਮਾਰੇ, ਜਦ ਭੁੱਖ ਦਾ ਦਰਦ ਸਤਾਉਂਦਾ।
ਜਿਉਂ ਜਿਉਂ ਜ਼ਿੰਦਗੀ ਵਧਦੀ ਜਾਵੇ, ਦਰਦ ਵੀ ਵਧਦਾ ਜਾਵੇ,
ਕਦੇ ਗਰੀਬੀ, ਬੇਰੁਜ਼ਗਾਰੀ, ਵੱਖ-ਵੱਖ ਰੂਪ ਵਿਖਾਉਂਦਾ।
ਇਸ ਦੇ ਵਾਰ ਤੋਂ ਦੁਨੀਆਂ ਦੇ ਵਿੱਚ, ਕੋਈ ਨਾ ਬੰਦਾ ਬਚਿਆ,
ਅਮੀਰ, ਗਰੀਬ, ਰਾਜਾ, ਰੰਕ ਹਰ ਕੋਈ ਦਰਦ ਹੰਢਾਉਂਦਾ।
ਵਿਧਵਾ ਨਾਰ ਨੂੰ ਐਸਾ ਚਿੰਬੜੇ, ਜਿਉਂ ਕੋਈ ਚਿੰਬੜਨ ਜੋਕਾਂ,
ਦਾਜ ਦਰਦ ਵਿਚ ਸੜਦੀ ਔਰਤ, ਅੱਗ ਨਾ ਕੋਈ ਬੁਝਾਉਂਦਾ।
ਆਸ਼ਿਕ ਦੇ ਲਈ ਤਿੱਖੀਆਂ ਸੂਲਾਂ, ਸ਼ਾਇਰ ਲਈ ਜਜ਼ਬਾਤ,
ਜੇ ਨਾ ਦਰਦ ਸਤਾਉਂਦਾ ਸ਼ਿਵ ਨੂੰ, ਕਿਵੇਂ ਉਹ ਲਿਖ ਪਾਉਂਦਾ।
ਦਰਦ ਮੌਤ ਦਾ ਐਸਾ ਹੁੰਦਾ ਜਿਸ ਤੋਂ ਹਰ ਕੋਈ ਡਰਦਾ,
ਇਹੀ ਦਰਦ ਹੈ ‘‘ਸ਼ਮੀ’’ ਜਿਹੜਾ ਸਾਰੇ ਦਰਦ ਮਿਟਾਉਂਦਾ।
* * *
No comments:
Post a Comment