ਮੈਂ ਮਜ਼ਦੂਰ ਦੇ ਨਾਲ ਹਮੇਸ਼ਾ ਉਸ ਦੀ ਥਕਾਨ ਦੇਖਦਾ ਹਾਂ,
ਮਿਹਨਤੀ ਹੱਥਾਂ ਉ¤ਤੇ ਜ਼ਖ਼ਮਾਂ ਦੇ ਡੂੰਘੇ ਨਿਸ਼ਾਨ ਦੇਖਦਾ ਹਾਂ।
ਮੈਂ ਜਦ ਵੀ ਦੇਖਦਾ ਹਾਂ ਨੁਮਾਇਸ਼ੀ ਬੁੱਤਾਂ ਦੀ ਮੀਨਾਕਾਰੀ ਨੂੰ,
ਉਥੇ ਮਜ਼ਦੂਰ ਦੀ ਮਿਹਨਤ ਨੂੰ ਹਮੇਸ਼ਾ ਬੇਨਾਮ ਦੇਖਦਾ ਹਾਂ।
ਸਾਰੀ ਦੁਨੀਆਂ ਦੇਖਦੀ ਹੈ ਤਾਜ ਮਹੱਲ ਦੀ ਖੂਬਸੂਰਤੀ ਨੂੰ,
ਮੈਂ ਤੇ ਵੀਹ ਹਜ਼ਾਰ ਮਜ਼ਦੂਰਾਂ ਦਾ ਸ਼ਮਸ਼ਾਨ ਦੇਖਦਾ ਹਾਂ।
ਮਹਿੰਗਾਈ ਤੇ ਗਰੀਬੀ ਦੀ ਮਾਰ ਨਾਲ ਮੁਰਝਾਇਆ ਚਿਹਰਾ,
ਮਜ਼ਬੂਰੀਆਂ ’ਚ ਹਰ ਵੇਲੇ ਧੁੱਖਦੀ ਹੋਈ ਮੁਸਕਾਨ ਵੇਖਦਾ ਹਾਂ।
ਕਦੇ ਉਸ ਨੂੰ ਤਿੱਖੀਆਂ ਧੁੱਪਾਂ ਵਿੱਚ ਨੰਗੇ ਪਿੰਡੇ ਰੋੜੀ ਕੁੱਟਦਾ,
ਕਦੇ ਖੇਤਾਂ ’ਚ ਮਿੱਟੀਓਂ-ਮਿੱਟੀ ਹੋਇਆ ਪ੍ਰੇਸ਼ਾਨ ਦੇਖਦਾ ਹਾਂ।
ਜ਼ਿੰਦਗੀ ਨੂੰ ਜੀਣ ਲਈ ਉਹ ਖੁਦ ਨੂੰ ਹੀ ਮਾਰ ਰਿਹਾ,
ਭੁੱਖ ਨਾਲ ਤੜਫਦੇ ਢਿੱਡ ਲਈ ਲਹੂ ਲੁਹਾਨ ਦੇਖਦਾ ਹਾਂ।
‘‘ਸ਼ਮੀ’’ ਨਹੀਂ ਦੇਖਿਆ ਕੋਈ ਲੜਦਾ ਮਜ਼ਦੂਰ ਦੇ ਹੱਕਾਂ ਦੀ ਲੜਾਈ,
ਲਾਰੇ ਲਾਉਣ ਵਾਲੇ ਨੇਤਾ ਤੇ ਮਤਲਬੀ ਪ੍ਰਧਾਨ ਵੇਖਦਾ ਹਾਂ।
* * *
No comments:
Post a Comment