ਰੋਜ਼ ਸਵੇਰੇ ਰੌਸ਼ਨੀ ਹੋਵੇ, ਸੂਰਜ ਜਦੋਂ ਚੜ੍ਹ ਜਾਵੇ,
ਕਾਲੀ ਰਾਤ ਦਾ ਘੋਰ ਹਨ੍ਹੇਰਾ, ਦੂਰੋਂ ਹੀ ਭੱਜ ਜਾਵੇ।
ਭੁੱਖੇ ਲਈ ਰੌਸ਼ਨੀ ਰੋਟੀ, ਢਿੱਡ ਦੀ ਭੁੱਖ ਮਿਟਾਵੇ,
ਪਿਆਸੇ ਲਈ ਪਾਣੀ ਹੁੰਦੀ, ਡੂੰਘੀ ਪਿਆਸ ਬੁਝਾਵੇ।
ਗਰੀਬ ਲਈ ਉਹਦੀ ਕੁੱਲੀ ਰੌਸ਼ਨੀ, ਤਨ ਨੂੰ ਜੋ ਲੁਕਾਵੇ,
ਲੰਗੜੇ ਦੀ ਹੈ ਲਾਠੀ ਰੌਸ਼ਨੀ, ਡਿੱਗਦੇ ਨੂੰ ਬਚਾਵੇ।
ਮਾਂ ਲਈ ਔਲਾਦ ਰੌਸ਼ਨੀ, ਹਿੱਕ ਲਾਇਆਂ ਠੰਡ ਪਾਵੇ,
ਧੀ ਲਈ ਜਨਮ ਰੌਸ਼ਨੀ, ਜੇ ਮਾਂ ਨਾ ਕੁੱਖ ਨੂੰ ਅੱਗ ਲਾਵੇ
ਮੂਰਖ ਲਈ ਗਿਆਨ ਰੌਸ਼ਨੀ, ਜੋ ਸਿੱਧਾ ਰਾਹ ਦਿਖਾਵੇ,
ਸ਼ਾਇਰ ਦੀ ਹੈ ਕਲਮ ਰੌਸ਼ਨੀ, ਜੋ ਸੱਚ ਦੀ ਗੱਲ ਲਿਖਾਵੇ।
ਰੌਸ਼ਨੀ ਰੱਬ ਦਾ ਨਾਮ ਹੈ ਦੂਜਾ, ਹਰ ਕੋਈ ਸੀਸ ਝੁਕਾਵੇ,
ਇਸ ਤੋਂ ਵੱਖਰਾ ਹੋ ਕੇ ‘‘ਸ਼ਮੀ’’, ਕੁਝ ਵੀ ਦੇਖ ਨਾ ਪਾਵੇ।
****
No comments:
Post a Comment