ਬਹੁਤ ਫਰਕ ਹੈ ਮੇਰੇ ਅਤੇ ਮੇਰੀ ਕਲਮ ਵਿੱਚ
ਕਿਉਂਕਿ ਇਹ ਮੇਰੇ ਵਾਂਗੂ ਰੋਟੀ ਨਹੀਂ,
ਮੇਰੇ ਹੀ ਜਿਗਰ ਦਾ ਖੂਨ ਮੰਗਦੀ ਹੈ,
ਮੇਰਾ ਜਨੂੰਨ ਮੰਗਦੀ ਹੈ
ਮੰਗਦੀ ਹੈ ਮੇਰੇ ਅਹਿਸਾਸਾਂ ਦੀ ਬਲੀ
ਤੇ ਫਿਰ ਆਉਂਦਾ ਹੈ ਸੋਚਾਂ ਦਾ ਤੂਫਾਨ
ਜਿਸ ਵਿੱਚ ਮੈਨੂੰ ਉਲਝਣਾ ਪੈਂਦਾ ਹੈ,
ਮੈਂ ਡਰ ਜਾਂਦਾ ਹਾਂ, ਪਰ ਇਹ
ਡਰਦੀ ਨਹੀਂ, ਥੱਕਦੀ ਨਹੀਂ, ਰੁਕਦੀ ਨਹੀਂ,
ਜੁਲਮ ਦੇ ਅੱਗੇ ਝੁਕਦੀ ਨਹੀਂ,
ਬਸ ਜੋ ਕੁਝ ਵੀ ਲਿਖਦੀ ਏ,
ਸੱਚ ਲਿਖਦੀ ਏ,
ਭਾਵੇਂ ਕਿੰਨਾ ਵੀ ਫਰਕ ਹੈ,
ਅਸਾਂ ਦੋਵਾਂ ਵਿਚਕਾਰ
ਫਿਰ ਵੀ ਮੇਰਾ ਗੂੜ੍ਹਾ ਰਿਸ਼ਤਾ ਹੈ ਇਸ ਨਾਲ,
ਕਦੇ ਇਹ ਮੈਨੂੰ ਝਰਨਿਆਂ ਵਿੱਚ
ਅਤੇ ਕਦੇ ਸਮੁੰਦਰੀ ਗਹਿਰਾਈਆਂ
ਤੱਕ ਲੈ ਜਾਂਦੀ ਹੈ,
ਕਦੇ ਫੁੱਲਾਂ ਦੀ ਮਹਿਕ ਬਣ ਜਾਵੇ
ਕਦੇ ਕੰਡਿਆਂ ’ਤੇ ਤੁਰਾਂਦੀ ਹੈ,
ਕਦੇ ਹਸਾਂਦੀ ਹੈ ਕਦੇ ਰਵਾਉਂਦੀ ਹੈ,
ਰਾਤਾਂ ਨੂੰ ਜਗਾਂਦੀ ਹੈ।
ਕਦੇ ਸਕੂਨ ਕਦੇ ਤੜਪਾਂਦੀ ਹੈ,
ਮੈਂ ਕੱਲ੍ਹ ਮਰ ਜਾਵਾਂਗਾ,
ਸੜ ਜਾਵਾਂਗਾ,
ਮੇਰੀ ਕਲਮ ਮੇਰੇ ਸੋਗ ਵਿੱਚ ਬੈਠ ਜਾਵੇਗੀ,
ਪਰ ਇਸ ਦੇ ਦੁਆਰਾ ਲਿਖੇ ਹੋਏ
ਸੱਚ ਦੇ ਹਰਫ ਹਮੇਸ਼ਾਂ ਰਹਿਣਗੇ
ਕਿਉਂਕਿ ਸੱਚ ਕਦੇ ਮਰਦਾ ਨਹੀਂ,
ਸੜਦਾ ਨਹੀਂ,
ਇਹ ਤਾਂ ਅਮਰ ਹੋ ਜਾਂਦਾ ਹੈ,
ਸੱਚ ਰੱਬ ਹੁੰਦਾ ਹੈ ਤੇ ਮੈਂ
ਰੱਬ ਨਹੀਂ ਹਾਂ, ਇਨਸਾਨ ਹਾਂ,
ਇਸ ਲਈ ਬਹੁਤ ਫਰਕ ਹੈ,
ਮੇਰੇ ਅਤੇ ਮੇਰੀ ਕਲਮ ਵਿੱਚ
* * *
No comments:
Post a Comment