ਸੱਚ


ਸੱਚ ਬੋਲਣ ਵਾਲਿਆਂ ਨੂੰ ਅਤੇ
ਲਿਖਣ ਵਾਲਿਆਂ ਨੂੰ ਮੌਤ ਮਿਲਦੀ ਹੈ
ਇਹ ਮੈਂ ਅਕਸਰ ਸੁਣਿਆ ਹੈ ਤੇ
ਪੜ੍ਹਿਆ ਹੈ
ਇਸ ਲਈ ਲੋਕ ਸੱਚ
ਬੋਲਣ ਤੋਂ ਡਰਦੇ ਨੇ
ਝੂਠ ਦਾ ਪਾਣੀ ਭਰਦੇ ਨੇ
ਆਖਿਰ ਕਿਉਂ ਹਨ੍ਹੇਰੇ ਤੋਂ
ਰੌਸ਼ਨੀ ਵੱਲ ਜਾਣ ਦੀ
ਸਾਡੀ ਹਿੰਮਤ ਨਹੀਂ ਹੁੰਦੀ

ਕਿਉਂ ਸੱਚ ਕਹਿਣ ਤੋਂ ਡਰਦੇ ਹਾਂ
ਇਕ ਮੌਤ ਦੇ ਡਰ ਤੋਂ ਰੋਜ਼ ਮਰਦੇ ਹਾਂ
ਕਿਉਂ ਡਿੱਗਦੇ ਜਾ ਰਹੇ ਹਾਂ
ਖ਼ੁਦ ਆਪਣੀ ਹੀ ਨਜ਼ਰ ਤੋਂ
ਜਦੋਂ ਅਸੀਂ ਜੁਲਮ ਦੇ ਖਿਲਾਫ
ਬੋਲ ਨਹੀਂ ਸਕਦੇ
ਸੱਚ ਲਈ ਮੂੰਹ ਖੋਲ੍ਹ ਨਹੀਂ ਸਕਦੇ
ਕੀ ਅਸੀਂ ਬੇਜ਼ੁਬਾਨ ਹੋ ਗਏ ਹਾਂ
ਤੇ ਫਿਰ ਕੀ ਫਰਕ ਰਿਹਾ
ਸਾਡੇ ਅਤੇ ਪਸ਼ੂਆਂ ਵਿਚਕਾਰ
ਕੀ ਅਸੀਂ ਪਸ਼ੂ ਬਣ ਚੁੱਕੇ ਹਾਂ
ਮੌਤ ਤੇ ਪਸ਼ੂਆਂ ਨੂੰ ਵੀ ਆਉਣੀ ਹੈ
ਬੇਜ਼ੁਬਾਨਾਂ ਨੂੰ ਵੀ
ਪਰ ਸੱਚ ਬੋਲਣ ਵਾਲਿਆਂ ਦੀ ਮੌਤ
ਸ਼ਹਾਦਤ ਬਣ ਜਾਂਦੀ ਏ
ਤੇ ਬੁਜ਼ਦਿਲਾਂ ਦੀ ਮੌਤ
ਖ਼ੁਦਕੁਸ਼ੀ,
ਤੇ ਬੇਜ਼ੁਬਾਨਾਂ ਦੀ ਮੌਤ, ਗੁੰਮਨਾਮ
ਕਿਸੇ ਹੱਡਾਰੋੜੀ ਵਿੱਚ ਪਈ ਲਾਸ਼ ਦੇ ਵਾਂਗ
ਅਸਾਂ ਨੇ ਹੁਣ ਮਨ ਬਣਾ ਲਿਆ ਹੈ
ਤੇ ਕਰ ਲਿਆ ਏ ਇਰਾਦਾ
ਸ਼ਹਾਦਤ ਦੀ ਮੌਤ ਮਰਨ ਦਾ
ਸੱਚ ਨੂੰ ਬਹਾਲ ਕਰਨ ਦਾ
ਝੂਠ ਨਾਲ ਲੜਨ ਦਾ
ਅਸਾਂ ਨੇ ਹੁਣ ਸੂਰਜ ਬਣ ਕੇ ਚੜ੍ਹਨਾ ਏ
ਸਭ ਨੂੰ ਚਾਨਣ ਕਰਨਾ ਏ
ਜਾਲਮ ਨੂੰ ਕਹਿ ਦਿਉ
ਅਸੀਂ ਹੁਣ ਹੋਰ ਨਹੀਂ ਸਹਾਂਗੇ
ਝੂਠ ਦਾ ਸਾਥ ਨਹੀਂ ਦਵਾਂਗੇ
ਹੋਰ ਹਨ੍ਹੇਰੇ ਵਿੱਚ ਨਹੀਂ ਰਵਾਂਗੇ
ਕਿਉਂਕਿ ਹੁਣ ਸਵੇਰ ਆਉਣ ਵਾਲੀ ਏ
ਤੇ ਅਸੀਂ ਹੁਣ ਜਾਗ ਉਠੇ ਹਾਂ
ਬਸ ਅਸੀਂ ਹੁਣ ਜਾਗ ਉਠੇ ਹਾਂ।

****

No comments:

Post a Comment