ਕਾਲੀ ਰਾਤ

ਹੁਣ ਉੱਲੂ ਰਾਤਾਂ ਨੂੰ ਹੀ ਨਹੀਂ
ਦਿਨੇ ਵੀ ਬੋਲਦੇ ਨੇ
ਸੱਚ ਨੂੰ ਨਿਗਲਣ ਲਈ
ਆਪਣੇ ਮੂੰਹਾਂ ਨੂੰ ਖੋਲ੍ਹਦੇ ਨੇ
ਕਿਉਂਕਿ ਬੇਇਨਸਾਫੀ ਦਾ ਹਨ੍ਹੇਰਾ
ਮੁੱਕਦਾ ਹੀ ਨਹੀਂ
ਜਾਲਮ ਜੁਲਮ ਤੋਂ ਰੁਕਦਾ ਹੀ ਨਹੀਂ
ਕੀ ਕਰੀਏ ਕਾਨੂੰਨ ਮੁਰਦਾ ਲਾਸ਼
ਬਣ ਕੇ ਰਹਿ ਗਿਆ ਹੈ
ਹਰ ਦਫਤਰ ਵਿਚ ਨਿਕਲ ਰਿਹਾ ਹੈ

ਇਨਸਾਫ਼ ਦਾ ਜਨਾਜ਼ਾ
ਜਿੱਥੇ ਆਮ ਆਦਮੀ
ਬੁੱਤ ਬਣ ਕੇ ਰਹਿ ਗਿਆ ਹੈ
ਸੈਲਫਾਂ ’ਤੇ ਪਈ ਹਰ ਫਾਈਲ ਤੇ
ਘੱਟਾ ਚੜ੍ਹ ਕੇ ਰਹਿ ਗਿਆ ਹੈ
ਕਿਉਂਕਿ ਰਿਸ਼ਵਤ ਤੋਂ ਬਿਨਾਂ
ਫਾਈਲ ਅੱਗੇ ਤੁਰਦੀ ਹੀ ਨਹੀਂ
ਨਫ਼ਰਤ ਜਿਸ ਦਾ ਰੰਗ ਹੈ ਕਾਲਾ ਸਿਆਹ
ਹਰ ਮਜ਼੍ਹਬ ਦੀ ਹਿੱਕ ’ਤੇ ਨੱਚਦੀ ਏ
ਅੱਗ ਵਾਂਗੂ ਮੱਚਦੀ ਏ
ਸਰਹੱਦ ’ਤੇ ਲੱਗੀ ਤਾਰ ਤੋਂ ਵੀ ਤਿੱਖੀ ਏ
ਤੇ ਬਰੂਦ ਬਣ ਕੇ ਗੱਜਦੀ ਏ
ਇਹ ਨਫ਼ਰਤ ਹੀ ਨਹੀਂ
ਇਕ ਮੌਤ ਹੈ
ਜੋ ਇਨਸਾਨ ਨੇ ਖ਼ੁਦ ਹੀ
ਆਪਣੇ ਜ਼ਹਿਨ ’ਚੋਂ ਪੈਦਾ ਕੀਤੀ
ਘੁਮੰਡ-ਇਕ ਘੋਰ ਹਨ੍ਹੇਰਾ
ਉੱਚੀ ਜਾਤ, ਵੱਡੀ ਉਕਾਤ
ਅਮੀਰੀ ਦਾ ਨਸ਼ਾ
ਪਰ ਅਖੀਰ ਵਿੱਚ ਖ਼ਾਕ
ਮੈਂ ਆਪਣੀ ਕਲਮ ਨੂੰ ਫੜ੍ਹੀ ਬੈਠਾ
ਜਿੱਥੇ ਹੈ ਘੋਰ ਅੰਧਕਾਰ
ਪਰ ਫਿਰ ਵੀ ਹੈ ਕਿਸੇ
ਸੂਰਜ ਦਾ ਇੰਤਜ਼ਾਰ
ਮੈਂ ਚਾਹੁੰਦਾ ਹਾਂ ਸੱਚ ਦੀ ਬਹਾਲੀ
ਕਾਸ਼ ਕਿਤੇ ਮੁੱਕ ਜਾਵੇ ਇਹ ਰਾਤ ਕਾਲੀ
ਇਹ ਰਾਤ ਕਾਲੀ...
ਇਹ ਰਾਤ ਕਾਲੀ...

****

No comments:

Post a Comment